ਬੁਢਲਾਡਾ 17 ਜੁਲਾਈ (ਪੰਕਜ ) ਗਲੋਬਲ ਵਾਰਮਿੰਗ ਦੀ ਚਿੰਤਾ ਕੁੱਲ ਦੁਨੀਆ ਵਿੱਚ ਬਣੀ ਹੋਈ ਹੈ, ਪਰ ਇਸ ਨੂੰ ਘਟਾਉਣ ਸੰਬੰਧੀ ਕੋਈ ਵਿਰਲਾ ਹੀ ਸੋਚਦਾ ਹੈ, ਕੁਝ ਤੁਛ ਜਿਹੇ ਲੋਕ ਹਨ ਜੋ ਇਸ ਸੰਬੰਧੀ ਲਗਾਤਾਰ ਉਪਰਾਲੇ ਕਰਦੇ ਰਹਿੰਦੇ ਹਨ। ਇਸ ਲੜੀ ਤਹਿਤ ਸਰਕਾਰੀ ਮਿਡਲ ਸਕੂਲ ਫੁੱਲੂਵਾਲਾ ਡੋਗਰਾ ਵਿੱਚ ਗਲੋਬਲ ਵਾਰਮਿੰਗ ਨੂੰ ਘਟਾਉਣ ਦੀ ਲੜੀ ਵਿੱਚ ਹਿੱਸਾ ਪਾਉਣ ਦੇ ਮਨੋਰਥ ਤਹਿਤ ਵਣ ਮਹਾਉਤਸਵ ਮਨਾਇਆ ਗਿਆ। ਪੌਦੇ ਲਗਾਉਣ ਦੀ ਸ਼ੁਰੂਆਤ ਸਕੂਲ ਮੁਖੀ ਰੇਖਾ ਰਾਣੀ ਨੇ ਆਪਣੇ ਹੱਥੀਂ ਪੌਦਾ ਲਗਾ ਕੇ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਕਰਦਿਆਂ ਮਨੁੱਖੀ ਜੀਵਨ ਵਿੱਚ ਪੌਦਿਆਂ ਦੀ ਮਹੱਤਤਾ ਬਾਰੇ ਦੱਸਿਆ । ਉਹਨਾ ਕਿਹਾ ਕਿ ਮਨੁੱਖੀ ਜੀਵਨ ਲਈ ਵਾਤਾਵਰਨ ਨੂੰ ਸ਼ੁੱਧ ਬਣਾ ਕੇ ਰੱਖਣ ਵਿੱਚ ਇਹ ਪੌਦਿਆਂ ਅਤੇ ਦਰੱਖਤਾਂ ਦਾ ਬਹੁਤ ਵੱਡਾ ਰੋਲ ਹੈ । ਉਹਨਾਂ ਨੇ ਹਰ ਵਿਦਿਆਰਥੀ ਨੂੰ ਆਪਣੇ ਹਰ ਜਨਮ ਦਿਨ ਤੇ ਇੱਕ ਪੌਦਾ ਜ਼ਰੂਰ ਲਗਾਉਣ ਲਈ ਜ਼ੋਰ ਦੇ ਕੇ ਕਿਹਾ। ਉਹਨਾਂ ਨੇ ਪੌਦਿਆਂ ਨੂੰ ਲਗਾਉਣ ਦੇ ਨਾਲ ਨਾਲ ਉਹਨਾਂ ਦੀ ਸਾਂਭ ਸੰਭਾਲ ਲਈ ਵੀ ਵਿਸ਼ੇਸ਼ ਯਤਨ ਕਰਨ ਦਾ ਸੁਨੇਹਾ ਦਿੱਤਾ। ਉਹਨਾ ਕਿਹਾ ਕਿ ਪੌਦੇ ਸਿਰਫ ਫੋਟੋ ਜਾਂ ਸੈਲਫੀ ਲੈਣ ਲਈ ਨਾ ਲਗਾਏ ਜਾਣ , ਸਗੋਂ ਪੌਦੇ ਲਗਾਉਣ ਦੇ ਨਾਲੋਂ ਉਹਨਾਂ ਦੀ ਸਾਂਭ ਸੰਭਾਲ ਹੋਰ ਵੀ ਅਤੀ ਜ਼ਰੂਰੀ ਹੈ ਤਾਂ ਜੋ ਧਰਤੀ ਦੀ ਸ਼ਾਨ ਵਿੱਚ ਵਾਧਾ ਕਰਨ ਦੇ ਨਾਲ ਨਾਲ ਹੋਰ ਅਨੇਕਾਂ ਮਹਾਂਮਾਰੀਆਂ ਤੋਂ ਵੀ ਬਚਿਆ ਜਾ ਸਕੇ । ਉਹਨਾਂ ਨੇ ਆਪਣਾ ਸੰਬੋਧਨ ਦਾ ਅੰਤ ਪੌਦਿਆਂ ਸੰਬੰਧੀ (ਕਵਿਤਾ : ਰੁੱਖਾਂ ਦੇ ਬਾਝ ਰੌਣਕ ਨਾ ਹੀ, ਚਾਰ ਚੁਫੇਰਾ ਖਾਲੀ। ਰੁੱਖਾਂ ਨਾਲ ਜੀਵਨ ਹਰਿਆ ਭਰਿਆ, ਰੁੱਖਾਂ ਨਾਲ ਹਰਿਆਲੀ। ਚੱਲੋਂ ਆਪਾ ਰੁੱਖ ਲਗਾਈਏ, ਆਪਣਾ ਫਰਜ਼ ਨਿਭਾਈਏ। ਰੁੱਖਾਂ ਨਾਲ ਧਰਤੀ ਠੰਡੀ, ਤੇ ਠੰਡੀਆਂ ਮਿਲਣ ਹਵਾਵਾਂ। ਸ਼ਾਲਾ! ਜੀਵਣ ਰੁੱਖ ਤੇ, ਰੇਖਾ ਰੁੱਖਾਂ ਨਾਲ ਹੀ ਛਾਂਵਾਂ।) ਦੇ ਨਾਲ ਕੀਤਾ । ਇਸ ਨੇਕ ਕੰਮ ਵਿੱਚ ਨਗਰ ਪੰਚਾਇਤ, ਸਕੂਲ ਮੈਨੇਜਮੈਟ ਕਮੇਟੀ , ਸਮੂਹ ਸਕੂਲ ਸਟਾਫ ਤੇ ਬੱਚਿਆਂ ਦਾ ਪੂਰਨ ਸਹਿਯੋਗ ਰਿਹਾ। ਸਭ ਨੇ ਇਸ ਕੰਮ ਵਿੱਚ ਭਰਪੂਰ ਸ਼ਲਾਗਾਯੋਗ ਹਿੱਸਾ ਪਾਇਆ ।
Post a Comment