ਬੁਢਲਾਡਾ 22 ਅਗਸਤ (ਸਰਦਾਨਾ) ਨੈਸ਼ਨਲ ਹਾਈਵੇਅ 148-ਬੀ ਪ੍ਰੋਜੈਕਟ ਅਧੀਨ ਬੁਢਲਾਡਾ ਬਾਈਪਾਸ ਕੈਂਚੀਆਂ ਤੇ ਫਲਾਈ ਓਵਰ ਦੇ ਨਿਰਮਾਣ ਦੌਰਾਨ ਸਰਵਿਸ ਸੜਕਾਂ ਦਾ ਨਿਰਮਾਣ ਨਾ ਹੋਣ ਕਾਰਨ ਜਿੱਥੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਆਏ ਦਿਨ ਦੁਰਘਟਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪੁੱਲ ਨਜਦੀਕ ਕੋਈ ਡਵਾਈਡਰ ਅਤੇ ਨਿਸ਼ਾਨ ਨਹੀਂ ਬਣਾਏ ਗਏ। ਰਾਤ ਸਮੇਂ ਹਨ੍ਹੇਰਾ ਹੋਣ ਕਾਰਨ ਦੁਰਘਟਨਾ ਹੋਣ ਦਾ ਖਦਸਾ ਵੀ ਬਣਿਆ ਰਹਿੰਦਾ ਹੈ ਅਤੇ ਮੀਂਹ ਵਾਲੇ ਮੌਸਮ ਦੌਰਾਨ ਵਹੀਕਲ ਫੁੱਟ-ਫੁੱਟ ਗਾਰੇ ਚ ਫਸ ਜਾਂਦੇ ਹਨ। ਸਥਾਨਕ ਸ਼ਹਿਰ ਦੇ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਨੈਸ਼ਨਲ ਹਾਈਵੇਅ ਜਮੀਨ ਐਕੂਵਾਇਰ ਮਾਮਲੇ ਵਿੱਚ ਲੋਕਾਂ ਦੀਆਂ ਜਾਇਜ ਮੰਗਾਂ ਨੂੰ ਸਰਕਾਰ ਪ੍ਰਵਾਨ ਕਰੇ ਅਤੇ ਖੱਜਲ ਖੁਆਰ ਹੋ ਰਹੇ ਸ਼ਹਿਰੀਆਂ ਨੂੰ ਰਾਹਤ ਦਿੱਤੀ ਜਾਵੇ। ਨਗਰ ਸੁਧਾਰ ਸਭਾ ਦੇ ਆਗੂ ਐਡਵੋਕੇਟ ਸੁਸ਼ੀਲ ਕੁਮਾਰ ਬਾਂਸਲ ਨੇ ਕਿਹਾ ਕਿ ਰੋਜਾਨਾ ਹਜਾਰਾਂ ਲੋਕ ਜਿੱਥੇ ਇਸ ਸ਼ਹਿਰ ਅੰਦਰ ਆਉਣ ਜਾਉਣ ਕਰਦੇ ਹਨ ਉਥੇ ਇਹ ਰੋਡ ਬੋਹਾ ਰਤੀਆ ਬਾਰਡ ਤੋਂ ਹਰਿਆਣਾ ਨੂੰ ਵੀ ਜੋੜਦਾ ਹੈ। ਉਨ੍ਹਾਂ ਸੰਬੰਧਤ ਠੇਕੇਦਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਪੁੱਲ ਤੋਂ ਪਹਿਲਾ ਨੀਚੋਂ ਨਿਕਲਣ ਵਾਲੀਆਂ ਸਰਵਿਸ ਸੜਕਾਂ ਦਾ ਨਿਰਮਾਣ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਇਸ ਸੰਬੰਧੀ ਹਲਕਾ ਵਿਧਾਇਕ ਬੁੱਧ ਰਾਮ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਮੈਂ ਪੱਤਰ ਲਿਖ ਕੇ ਇਸ ਪੁੱਲ ਦੇ ਨਿਰਮਾਣ ਸੰਬੰਧੀ ਮੰਗ ਕਰ ਚੁੱਕਾ ਹਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਉਜਾੜੇ ਭੱਤੇ ਅਤੇ ਮੁਆਵਜੇ ਸੰਬੰਧੀ ਨੈਸ਼ਨਲ ਹਾਈਵੇਅ ਜਾਂ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈ। ਇਸ ਵਕਫਬੋਰਡ ਮੈਨੇਜਮੈਂਟ ਨਾਲ ਸੰਬੰਧਤ ਸਮੱਸਿਆ ਹੈ। ਇਸ ਸੰਬੰਧੀ ਮੁੱਖ ਮੰਤਰੀ ਪੰਜਾਬ ਨੂੰ ਵੀ ਪੱਤਰ ਲਿਖ ਕੇ ਜਾਣੂ ਕਰਵਾ ਚੁਕੇ ਹਾਂ। ਉਨ੍ਹਾਂ ਚੌਂਕ ਦੀ ਤਰਸਯੋਗ ਹਾਲਤ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।
ਫੋਟੋ : ਬੁਢਲਾਡਾ— ਨੈਸ਼ਨਲ ਹਾਈਵੇਅ 148—ਬੀ ਪ੍ਰੋਜੈਕਟ ਅਧੀਨ ਅੱਧ ਵਿਚਕਾਰ ਲਟਕਦੇ ਕੰਮ ਦੀਆਂ ਮੂੰਹ ਬੋਲਦੀਆਂ ਤਸਵੀਰਾਂ।
Post a Comment