ਬੁਢਲਾਡਾ 14 ਜੁਲਾਈ (ਪੰਕਜ ਸਰਦਾਨਾ) ਨਗਰ ਸੁਧਾਰ ਸਭਾ ਦੀ ਅਗਵਾਈ ਵਿੱਚ ਬੁਢਲਾਡਾ ਸ਼ਹਿਰ ਦੇ ਲੋਕਾਂ ਨੇ ਹੱਕੀ ਅਤੇ ਜਾਇਜ਼ ਮੰਗਾਂ/ਮਸਲਿਆਂ ਸਬੰਧੀ ਵਰਦੇ ਮੀਂਹ ਵਿੱਚ ਐਸ ਡੀ ਐਮ ਦਫ਼ਤਰ ਅੱਗੇ ਸੰਕੇਤਕ ਧਰਨਾ ਦਿੱਤਾ। ਇਸ ਤੋਂ ਪਹਿਲਾਂ ਸ਼ਹਿਰ ਵਿੱਚ ਪ੍ਰਦਰਸ਼ਨ ਕਰਦਿਆਂ ਤਿੱਖੀ ਨਾਅਰੇਬਾਜੀ ਕੀਤੀ। ਧਰਨੇ ਮੌਕੇ ਐਸ ਡੀ ਐਮ ਦਫ਼ਤਰ ਦੇ ਸੁਪਰਡੈਂਟ ਸਾਹਿਬ ਨੇ ਨਗਰ ਸੁਧਾਰ ਸਭਾ ਦੇ ਆਗੂਆਂ ਨੂੰ ਪੱਤਰ ਸੋਂਪ ਕੇ ਕਿਹਾ ਕਿ ਐਸ ਡੀ ਐਮ ਸਾਹਿਬ ਨੇ ਇੰਨਾਂ ਮੰਗਾਂ/ਸਮੱਸਿਆਵਾਂ ਨੂੰ ਹੱਲ ਕਰਨ 20 ਜੁਲਾਈ ਨੂੰ ਸਵੇਰੇ 11 ਵਜੇ ਵੱਖ—ਵੱਖ ਵਿਭਾਗਾਂ ਦੀ ਮੀਟਿੰਗ ਸੱਦੀ ਹੈ। ਇਸ ਮੌਕੇ ਤੇ ਸੰਸਥਾਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸ਼ਹਿਰ ਦੇ ਮੰਗਾਂ/ ਮਸਲਿਆਂ ਪ੍ਰਤੀ ਪ੍ਰਸ਼ਾਸਨ ਅਤੇ ਸਰਕਾਰ ਗੰਭੀਰਤਾ ਨਹੀਂ ਦਿਖਾ ਰਹੀ। ਮੁੱਖ ਮੰਤਰੀ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਸਰਕਾਰ ਚੱਲਣ ਦਾ ਦਾਅਵਿਆਂ ਦੀ ਫੂਕ ਨਿੱਕਲ ਗਈ ਹੈ। ਪ੍ਰਸ਼ਾਸਨਿਕ ਅਤੇ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀ ਜਨਤਾ ਦੀ ਗੱਲ ਨਹੀਂ ਸੁਣ ਰਹੇ। ਛੋਟੇ—ਮੋਟੇ ਕੰਮਾਂ ਲਈ ਧਰਨੇ ਦੇਣੇ ਪੈ ਰਹੇ ਹਨ। ਨਗਰ ਕੌਂਸਲ ਵਿੱਚ ਐਨ ਓ ਸੀ, ਨਕਸ਼ਿਆਂ ਆਦਿ ਦੇ ਸਬੰਧ ਵਿੱਚ ਖੱਜਲ—ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਦੀਆਂ 93 ਦੁਕਾਨਾਂ ਦੇ ਕਿਰਾਏ ਨਹੀਂ ਭਰਵਾਏ ਜਾ ਰਹੇ ਇਸ ਦੇ ਉਲਟ ਸ਼ਹਿਰ ਦਾ ਇੱਕੋ ਇੱਕ ਜੈਨ ਪਾਰਕ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਇਸ ਪਾਰਕ ਦੀ ਜਗਾ ਵਿੱਚ ਨਵੀਆਂ ਦੁਕਾਨਾਂ ਉਸਾਰਨ ਦੇ ਫੈਸਲੇ ਲਾਗੂ ਕਰਨ ਦੀਆਂ ਕੌਸ਼ਿਸ਼ਾਂ ਹਨ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਗਰ ਸੁਧਾਰ ਸਭਾ ਦੇ ਆਗੂਆਂ ਨੇ ਕਿਹਾ ਕਿ ਪਿਛਲੇ 20—25 ਸਾਲਾਂ ਦੌਰਾਨ ਨਗਰ ਕੌਂਸਲ ਨੂੰ ਕਰੋੜਾਂ ਰੁਪਏ ਦੀਆਂ ਗਰਾਂਟਾਂ ਚ ਵੱਡੇ ਪੱਧਰ ਤੇ ਘਪਲੇਬਾਜ਼ੀ ਹੋਈ ਹੈ। ਜਿਸ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ  ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ, ਗੰਦੇ ਪਾਣੀ ਦੀ ਨਿਕਾਸੀ, ਖਸਤਾ ਹਾਲਾਤ ਸੜਕਾਂ ਦਾ ਨਵ ਨਿਰਵਾਣ, ਸ਼ਹਿਰ ਵਿੱਚ ਸਾਫ਼—ਸਫਾਈ ਦੇ ਪੁਖਤਾ ਇੰਤਜ਼ਾਮ ਕਰਨ, ਨਗਰ ਕੌਂਸਲ ਦਾ ਦਫ਼ਤਰ ਸ਼ਹਿਰ ਵਿੱਚ ਲਿਆਉਣ ਅਤੇ ਕੌਂਸਲ ਦੇ ਦਫ਼ਤਰ ਦੀ ਪੁਰਾਣੀ ਬਿਲਡਿੰਗ ਵਿੱਚ ਮੁੜ ਉਸਾਰੀ ਕਰਨ। ਆਗੂਆਂ ਨੇ ਬੋਲਦਿਆਂ ਮੰਗ ਕੀਤੀ ਕਿ ਜਮੀਨ ਦੇ ਕੁਲੈਕਟਰ ਰੇਟਾਂ ਵਿੱਚ ਕੀਤਾ ਬੇਅਥਾਹ ਵਾਧਾ ਵਾਪਸ ਲਿਆ ਜਾਵੇ, ਬੰਦ ਪਈਆਂ ਪੈਸੇਜਰ ਰੇਲਗੱਡੀਆਂ ਸ਼ੁਰੂ ਕੀਤੀਆਂ ਜਾਣ ਅਤੇ ਪਾਮ ਸਟਰੀਟ ਰੇਲਵੇ ਰੋਡ ਦੇ ਥੜਿਆਂ ਆਦਿ ਦਾ ਕੰਮ ਮੁਕੰਮਲ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ/ਮਸਲੇ ਹੱਲ ਨਾ ਹੋਏ ਤਾਂ ਭਵਿੱਖ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

Post a Comment

Previous Post Next Post