ਬੁਢਲਾਡਾ 12 ਜੁਲਾਈ (ਪੰਕਜ ਸਰਦਾਨਾ) ਇੱਥੋ ਨਜਦੀਕ ਪਿੰਡ ਰਾਮਪੁਰ ਮੰਡੇਰ ਵਿਖੇ ਸਿਹਤ ਵਿਭਾਗ ਦਾ ਤਿੰਨ ਪਿੰਡਾਂ ਦਾ ਸਬ ਸੈਂਟਰ (ਡਿਸਪੈਂਸਰੀ) ਦੀ ਇਮਾਰਤ ਖੁੱਦ ਬੀਮਾਰ ਹੋਣ ਕਾਰਨ ਕਿਸੇ ਵੀ ਸਮੇਂ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਸਿਹਤ ਵਿਭਾਗ ਦੇ ਕਰਮਚਾਰੀ ਆਪਣੀ ਮੌਤ ਦੇ ਸਾਇ ਹੇਠ ਪਿੰਡ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਮਜਬੂਰ ਨਜਰ ਆ ਰਹੇ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਦੇ ਆਗੂ ਸੁਖਦੇਵ ਸਿੰਘ, ਸੁਖਪਾਲ ਸਿੰਘ ਕਾਲਾ ਮੰਡੇਰ ਨੇ ਦੱਸਿਆ ਕਿ  ਪਿੰਡ ਵਿੱਚ ਸਿਹਤ ਵਿਭਾਗ ਵੱਲੋਂ ਸਥਾਪਿਤ ਕੀਤੀ ਗਈ ਡਿਸਪੈਂਸਰੀ ਖੰਡਰ ਅਤੇ ਖਸਤਾ ਹਾਲਤ ਵਿੱਚ ਹੈ। ਜਿੱਥੇ ਨਾ ਹੀ ਪੀਣ ਵਾਲਾ ਪਾਣੀ ਅਤੇ ਨਾ ਹੀ ਪਖਾਨਿਆਂ ਦਾ ਪ੍ਰਬੰਧ ਹੈ। ਇਸ ਡਿਸਪੈਂਸਰੀ ਤੋਂ 7 ਹਜਾਰ ਆਬਾਦੀ ਵਾਲੇ ਤਿੰਨ ਪਿੰਡ ਕਲੀਪੁਰ, ਕੁਲਾਣਾ, ਰਾਮਪੁਰ ਮੰਡੇਰ ਦੇ ਲੋਕ ਸਿਹਤ ਸਹੂਲਤਾਂ ਪ੍ਰਾਪਤ ਕਰਦੇ ਹਨ ਪਰ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਵਾਲੀ ਡਿਸਪੈਂਸਰੀ ਖੁੱਦ ਬੀਮਾਰ ਹੋਣ ਕਾਰਨ ਲੋਕ ਸਿਹਤ ਸਹੂਲਤਾਂ ਲੈਣ ਤੋਂ ਡਰਦੇ ਹਨ ਕਿ ਡਿਸਪੈਂਸਰੀ ਦੀ ਛੱਤ ਨੀਚੇ ਨਾ ਆ ਜਾਵੇ। ਇਸ ਸੰੰਬੰਧੀ ਸਬ ਸੈਂਟਰ ਇੰਚਾਰਜ ਮੰਜੂ ਬਾਲਾ ਨੇ ਦੱਸਿਆ ਕਿ ਅਸੀਂ ਵੀ ਆਪਣੀ ਡਿਊਟੀ ਡਰ ਦੇ ਮਾਹੌਲ ਵਿੱਚ ਕਰਦੇ ਹਾਂ। ਇਮਾਰਤ ਕਾਫੀ ਖਸਤਾ ਹੈ ਅਤੇ ਕੋਈ ਪ੍ਰਬੰਧ ਨਹੀਂ ਹੈ। ਇਹ ਇਮਾਰਤ ਵੱਲੋਂ ਪੰਚਾਇਤ ਵੱਲੋਂ ਦਿੱਤੀ ਜਗ੍ਹਾ ਤੇ ਸਥਾਪਿਤ ਕੀਤੀ ਗਈ ਹੈ। ਇਸ ਸੰਬੰਧੀ ਐਸ.ਐਮ.ਓ. ਬੁਢਲਾਡਾ ਗੁਰਚੇਤਨ ਪ੍ਰਕਾਸ਼ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਰਾਮਪੁਰ ਮੰਡੇਰ ਦੇ ਸਬ ਸੈਂਟਰ ਦੀ ਖਸਤਾ ਹਾਲਤ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਬੰਧੀ ਸਰਕਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਫੰਡਾਂ ਦੀ ਘਾਟ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰੰਤੂ ਹੁਣ ਸਰਕਾਰ ਵੱਲੋਂ ਫੰਡ ਭੇਜੇ ਗਏ ਹਨ ਜੋ ਸਬ ਸੈਂਟਰ ਤੇ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਸਿਹਤ ਸਹੂਲਤਾਂ ਸਮੇਂ ਸਿਰ ਦਿੱਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਉਹ ਖੁੱਦ ਵੀ ਸਮੇਂ ਸਮੇਂ ਸਿਰ ਸਬ ਸੈਂਟਰਾਂ ਦਾ ਦੌਰਾ ਕਰਦੇ ਹਨ ਪਿੰਡ ਦੇ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸਰਕਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਲਦ ਹੀ ਨਵੇਂ ਸਬ ਸੈਂਟਰ ਦੇ ਨਿਰਮਾਣ ਸੰਬੰਧੀ ਸਰਕਾਰ ਤੋਂ ਫੰਡ ਪ੍ਰਾਪਤ ਹੋਵੇਗਾ।


Post a Comment

Previous Post Next Post