ਬੁਢਲਾਡਾ - 29 ਜੂਨ - ( ਪੰਕਜ ਸਰਦਾਨਾ ) - ਸ਼ਹਿਰ ਦੀ ਸੰਸਥਾ ਨਗਰ ਸੁਧਾਰ ਸਭਾ ਨੇ ਬੁਢਲਾਡਾ ਸ਼ਹਿਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੰਗਾਂ-ਮਸਲਿਆਂ ਨੂੰ ਲੈ ਕੇ ਪ੍ਰਸ਼ਾਸਨ , ਸਥਾਨਕ ਸਰਕਾਰਾਂ ਵਿਭਾਗ ਅਤੇ ਪੰਜਾਬ ਸਰਕਾਰ ਨੂੰ 5 ਜੁਲਾਈ ਤੱਕ ਦਾ ਅਲਟੀਮੇਟਮ ਦਿੱਤਾ ਹੈ ਅਤੇ ਹੰਗਾਮੀ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ ਜੇਕਰ ਧਿਆਨ ਨਾ ਦਿੱਤਾ ਗਿਆ ਤਾਂ ਨਗਰ ਸੁਧਾਰ ਸਭਾ ਸਮੁੱਚੇ ਸ਼ਹਿਰਵਾਸੀਆਂ ਨੂੰ ਨਾਲ ਲੈ ਕੇ ਤਿੱਖੇ ਸੰਘਰਸ਼ ਦਾ ਬਿਗਲ ਵਜਾ ਦੇਵੇਗੀ।
ਇਹ ਫੈਸਲਾ ਅੱਜ ਇੱਥੇ ਨਗਰ ਸੁਧਾਰ ਸਭਾ ਬੁਢਲਾਡਾ ਦੀ ਆਰੀਆ ਸਮਾਜ ਮੰਦਰ ਵਿਖੇ ਹੋਈ ਹੰਗਾਮੀ ਮੀਟਿੰਗ ਵਿੱਚ ਕੀਤਾ ਗਿਆ।
ਮੀਟਿੰਗ ਦੀ ਪ੍ਰਧਾਨਗੀ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕੀਤੀ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਆਗੂ ਪ੍ਰੇਮ ਸਿੰਘ ਦੋਦੜਾ ਨੇ ਦੱਸਿਆ ਕਿ ਸ਼ਹਿਰ ਦੇ ਮੰਗਾਂ ਮਸਲਿਆਂ ਸਬੰਧੀ ਅਨੇਕਾਂ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਰਕਾਰੇ-ਦਰਬਾਰੇ ਦੁੱਖੜਾ ਸੁਣਾਇਆ ਜਾ ਚੁੱਕਿਆ ਹੈ ਪ੍ਰੰਤੂ ਇਸ ਸਬੰਧੀ ਹਾਲਾਂ ਤੱਕ ਕੱਖ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇੰਨਾਂ ਮੰਗਾਂ- ਮਸਲਿਆਂ ਸਬੰਧੀ ਇੱਕ ਯਾਦ ਪੱਤਰ ਐਸ.ਡੀ.ਐਮ.ਬੁਢਲਾਡਾ ਨੂੰ ਦਿੱਤਾ ਜਾਵੇਗਾ।
ਨਗਰ ਸੁਧਾਰ ਸਭਾ ਦੇ ਆਗੂ ਨੇ ਦੱਸਿਆ ਕਿ ਪਿਛਲੇ 20-25 ਸਾਲਾਂ ਦੇ ਸਮੇਂ ਦੌਰਾਨ ਨਗਰ ਕੌਂਸਲ ਬੁਢਲਾਡਾ ਨੂੰ ਕਰੋੜਾਂ ਰੁਪਏ ਦੀਆਂ ਗਰਾਂਟਾਂ ਆਈਆਂ ਹਨ ਜਿੰਨਾਂ ਵਿੱਚ ਵੱਡੇ ਪੱਧਰ 'ਤੇ ਕਥਿਤ ਘਪਲੇਬਾਜ਼ੀ ਹੋਈ ਹੈ। ਜਿਸ ਦੀ ਉੱਚ ਪੱਧਰੀ ਜਾਂਚ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ , ਗੰਦੇ ਪਾਣੀ ਦੀ ਨਿਕਾਸੀ , ਖਸਤਾ ਹਾਲਾਤ ਸੜਕਾਂ ਦਾ ਨਵ ਨਿਰਵਾਣ , ਨਗਰ ਕੌਂਸਲ ਵੱਲੋਂ ਐਨ.ਓ.ਸੀ. ਦਿੱਤੇ ਜਾਣ , ਸ਼ਹਿਰ ਵਿੱਚ ਸਾਫ਼-ਸਫਾਈ ਦੇ ਪੁਖਤਾ ਇੰਤਜ਼ਾਮ ਕਰਨ , ਨਗਰ ਕੌਂਸਲ ਦਾ ਦਫ਼ਤਰ ਸ਼ਹਿਰ ਵਿੱਚ ਲਿਆਉਣ ਅਤੇ ਕੌਂਸਲ ਦੇ ਦਫ਼ਤਰ ਦੀ ਪੁਰਾਣੀ ਬਿਲਡਿੰਗ ਵਿੱਚ ਮੁੜ ਉਸਾਰੀ ਕਰਨ , ਬੁਢਲਾਡਾ-ਜਾਖਲ ਰੋਡ ਦੇ 148 ਬੀ ਨੈਸ਼ਨਲ ਹਾਈਵੇ ਵਿੱਚ ਜ਼ਮੀਨ ਐਕੁਆਇਰ ਧਾਰਕਾਂ ਦੇ ਖਾਤਿਆਂ ਵਿੱਚ ਬਣਦੀ ਰਾਸ਼ੀ ਪਾਉਣ ਆਦਿ ਸਬੰਧੀ ਕੁੱਝ ਨਹੀਂ ਕੀਤਾ ਜਾ ਰਿਹਾ। ਇਸ ਕਰਕੇ ਸੰਸਥਾ ਨੇ ਮਜਬੂਰਨ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਕੀਤਾ ਹੈ।
ਮੀਟਿੰਗ ਵਿੱਚ ਫੈਸਲਾ ਕੀਤਾ ਕਿ ਨਗਰ ਸੁਧਾਰ ਸਭਾ ਬੁਢਲਾਡਾ ਨੂੰ ਜਥੇਬੰਦਕ ਤੌਰ 'ਤੇ ਹੋਰ ਮਜਬੂਤ ਕੀਤਾ ਜਾਵੇਗਾ। ਮੈਂਬਰਸ਼ਿਪ ਦਾ ਰੀਨਿਊ ਕਰਕੇ ਛੇਤੀ ਨਵੀਂ ਚੋਣ ਕੀਤੀ ਜਾਵੇਗੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮਾ. ਰਘੁਨਾਥ ਸਿੰਗਲਾ , ਸਤਪਾਲ ਸਿੰਘ ਕਟੌਦੀਆ , ਹਰਦਿਆਲ ਸਿੰਘ ਦਾਤੇਵਾਸ , ਸੋਨੂੰ ਕੋਹਲੀ , ਰਵੀ ਮਲਕੋਂ , ਮਿਸਤਰੀ ਜਰਨੈਲ ਸਿੰਘ , ਅਮਿਤ ਜਿੰਦਲ , ਗਗਨ ਦਾਸ ਵੈਰਾਗੀ ਮੌਜੂਦ ਸਨ ।
Post a Comment