ਬੁਢਲਾਡਾ 29 ਜੂਨ (ਪੰਕਜ ਸਰਦਾਨਾ ) ਨੈਸ਼ਨਲ ਹਾਈਵੇ ਪੀੜਤਾਂ ਦਾ ਧਰਨਾ 10 ਦਿਨਾਂ ਵਿੱਚ ਦਾਖਲ ਹੋ ਗਿਆ।ਅੱਜ ਧਰਨੇ ਵਿੱਚ ਮੁਆਵਜ਼ਾ ਪੀੜਤਾਂ ਤੋਂ ਇਲਾਵਾ ਕਿਸਾਨ ਆਗੂਆਂ ਅਤੇ ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।  ਧਰਨੇ ਨੂੰ ਸੰਬੋਧਨ ਕਰਦਿਆਂ ਪੀੜਤਾਂ ਨੇ ਕਿਹਾ ਕਿ ਜਿਸ ਦਿਨ ਧਰਨਾ ਸ਼ੁਰੂ ਕੀਤਾ ਗਿਆ ਸੀ, ਸਾਡੀ ਮੰਗ ਸੀ ਕਿ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਵਿੱਚ ਕੌਮੀ ਸੜਕ ਬਣਾਉਣ ਲਈ ਵਕਫ਼ ਬੋਰਡ ਪੰਜਾਬ ਦੀ ਜ਼ਮੀਨ ’ਤੇ ਕਾਬਜ ਲੋਕਾਂ ਨੂੰ  ਉਨ੍ਹਾਂ ਦੀਆਂ ਇਮਾਰਤਾਂ ਅਤੇ ਉਜਾੜੇ ਭੱਤੇ ਦਾ ਪੂਰਾ ਮੁਆਵਜ਼ਾ ਮਿਲਿਆ ਹੈ। ਉਸ ਤਰਜ਼ 'ਤੇ ਸਾਨੂੰ ਆਪਣਾ ਪੂਰਾ ਮੁਆਵਜ਼ਾ ਵੀ ਮਿਲਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੇ ਸਾਨੂੰ ਇਸ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਸੀ, ਜੇਕਰ ਉਥੋਂ ਦੇ ਲੋਕਾਂ ਨੂੰ ਮੁਆਵਜ਼ਾ ਮਿਲਿਆ ਤਾਂ ਤੁਹਾਨੂੰ ਵੀ ਮਿਲੇਗਾ।  ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋਣ ਦੇ ਬਾਵਜੂਦ ਹੁਣ ਅਸੀਂ  ਜਦੋਂ ਡਿਪਟੀ ਕਮਿਸ਼ਨਰ ਮਾਲਕਾਂ ਨਾਲ ਮੀਟਿੰਗ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਹਾਨੂੰ ਇਮਾਰਤਾ ਅਤੇ ਉਜਾੜਾ ਭੱਤਾ ਪੂਰਾ ਮਿਲੇਗਾ ਪਰ 5 ਤਰੀਕ ਨੂੰ ਚੰਡੀਗੜ੍ਹ ਵਿਖੇ ਵਕਫ਼ ਬੋਰਡ ਨਾਲ ਮੀਟਿੰਗ ਕੀਤੀ ਜਾਵੇਗੀ ਜੇਕਰ ਉਹ ਕਹਿਣਗੇ ਕਿ ਤੁਹਾਡੀ ਬਾਕੀ ਬਚਦੀ ਜ਼ਮੀਨ ਪਟੇਨਾਮਾ ਤੇ ਕਰਵਾਓ ਤਾਂ ਉਸ ਤਰ੍ਹਾਂ ਕਰਨਾ ਪੈ ਸਕਦਾ ਹੈ।  ਉਨ੍ਹਾਂ ਕਿਹਾ ਕਿ ਹੁਣ ਪ੍ਰਸ਼ਾਸਨ ਮੁੜ ਆਪਣੀ ਗੱਲ ਤੋਂ ਮੁਕਰ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਵੀ  ਵਕਫ ਬੋਰਡ ਪੰਜਾਬ ਨਾਲ ਮਿਲ ਕੇ ਸਾਨੂੰ ਗਰੀਬ ਲੋਕਾਂ ਨੂੰ ਕੁਚਲਣਾ ਚਾਹੁੰਦੇ ਹਨ ਅਤੇ ਸਾਡਾ ਮੁਆਵਜ਼ਾ ਖੁਰਦ-ਬੁਰਦ ਕਰਨਾ ਚਾਹੁੰਦੇ ਹਨ।  ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸ਼ਰਤ ਤੋਂ ਸਾਡੀਆਂ ਇਮਾਰਤਾਂ ਦਾ ਮੁਆਵਜ਼ਾ ਅਤੇ ਉਜਾੜਾ ਭੱਤਾ ਜਲਦੀ ਤੋਂ ਜਲਦੀ ਸਾਡੇ ਖਾਤਿਆਂ ਵਿੱਚ ਤਬਦੀਲ ਕੀਤਾ ਜਾਵੇ।  ਉਨ੍ਹਾਂ ਬੜੇ ਦੁਖੀ ਹਿਰਦੇ ਨਾਲ ਕਿਹਾ ਕਿ ਹਾਈਵੇਅ ਦੇ ਠੇਕੇਦਾਰਾਂ ਨੇ ਪਿਛਲੇ 4 ਸਾਲਾਂ ਤੋਂ ਉਨ੍ਹਾਂ ਦੇ ਘਰਾਂ ਅੱਗੇ ਕੰਧਾਂ ਬਣਾ ਕੇ ਉਨ੍ਹਾਂ ਦਾ ਪਾਣੀ ਬੰਦ ਕਰਕੇ  ਸਾਨੂੰ ਮਰਨ ਲਈ ਛੱਡ ਦਿੱਤਾ ਹੈ, ਸਾਡੇ ਤੇ ਮਨੁੱਖੀ ਤਸ਼ੱਦਦ ਹੁੰਦੇ ਅੱਜ ਤੱਕ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ।  ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦਾ ਮੁਆਵਜ਼ਾ ਤੁਰੰਤ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ 'ਚ ਜੰਗੀ ਪੱਧਰ 'ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਫਲਾਈਓਵਰ ਦਾ ਕੰਮ ਕਿਸੇ ਵੀ ਕੀਮਤ 'ਤੇ ਨਹੀਂ ਚੱਲਣ ਦਿੱਤਾ ਜਾਵੇਗਾ |  ਇਸ ਮੌਕੇ ਵੱਡੀ ਗਿਣਤੀ ਵਿੱਚ ਮੁਆਵਜ਼ਾ ਪੀੜਤ ਅਤੇ ਕਿਸਾਨ ਹਾਜ਼ਰ ਸਨ।

Post a Comment

Previous Post Next Post