ਫਾਇਰ ਬ੍ਰਿਗੇਡ ਨਾ ਹੋਣ ਕਾਰਨ ਹਰ ਸਾਲ ਵਾਪਰਦੇ ਨੇ ਹਾਦਸੇ।
ਬੁਢਲਾਡਾ 11 ਜੂਨ (ਪੰਕਜ ਸਰਦਾਨਾ ) ਸਥਾਨਕ ਸ਼ਹਿਰ ਦੇ ਵਾਰਡ ਨੰ. 15 ਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਘਰ ਦੇ ਮਾਲਕ ਮੱਪਾ ਕੋਟਲੀ ਵਾਲੇ ਨੇ ਦੱਸਿਆ ਕਿ ਘਰ ਵਿੱਚ ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਜਿਸ ਕਾਰਨ ਘਰ ਅੰਦਰ 4—5 ਲੱਖ ਦੀ ਕੀਮਤ ਦਾ ਘਰੈਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਮੁਹੱਲਾ ਵਾਸੀਆਂ ਨੇ ਸਹਿਯੋਗ ਸਦਕਾ ਅੱਗ ਤੇ ਕਾਬੂ ਪਾਇਆ ਗਿਆ। ਇਸ ਮੌਕੇ ਗਿਆਨ ਚੰਦ, ਭੋਲਾ ਟਾਹਲੀਆਂ, ਇੰਦਰਜੀਤ ਸਿੰਘ, ਕਾਂਗਰਸੀ ਆਗੂ ਤਰਜੀਤ ਸਿੰਘ ਚਹਿਲ ਨੇ ਕਹਿਣਾ ਸੀ ਜੇਕਰ ਫਾਇਰ ਬ੍ਰਿਗੇਡ ਆ ਜਾਂਦੀ ਤਾਂ ਲੱਖਾਂ ਦੇ ਨੁਕਸਾਨ ਤੋਂ ਬਚਾਅ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਬੁਢਲਾਡਾ ਅਤੇ ਇਸਦੇ ਨਾਲ ਲੱਗਦੇ ਪਿੰਡਾਂ ਅੰਦਰ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਪਰ ਪ੍ਰਸ਼ਾਸ਼ਨ ਮੂਕ ਦਰਸ਼ਕ ਬਣ ਕੇ ਵੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਬੁਢਲਾਡਾ ਨਿਵਾਸੀ ਵੀ ਸਰਕਾਰ ਨੂੰ ਫਾਇਰ ਟੈਕਸ ਅਦਾ ਕਰਦੇ ਹਨ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੂਰ ਦੁਰਾਡੋ ਆਵੇਗੀ ਉਸ ਸਮੇਂ ਤੱਕ ਲੱਖਾਂ ਦਾ ਨੁਕਸਾਨ ਹੋ ਚੁੱਕਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੁਢਲਾਡਾ ਨਾਲ ਸੈਂਕੜੇ ਪਿੰਡ ਲੱਗਦੇ ਹਨ। ਉਨ੍ਹਾਂ ਮਾਨ ਸਰਕਾਰ ਤੋਂ ਬੁਢਲਾਡਾ ਵਿਖੇ ਫਾਇਰ ਬ੍ਰਿਗੇਡ ਦੀ ਸੁਵਿਧਾ ਉਪਲਬਧ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਅੱਗ ਲੱਗਣ ਵਾਲੀ ਜਗ੍ਹਾ ਦਾ ਜਾਇਜਾ ਲਿਆ ਅਤੇ ਜਾਂਚ ਆਰੰਭ ਦਿੱਤੀ।
Post a Comment