ਬੁਢਲਾਡਾ 8 ਜੂਨ (ਪੰਕਜ ਸਰਦਾਨਾ) ਵਾਟਰ ਵਰਕਸ ਵੱਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਪਿਛਲੇ ਕਈ ਦਿਨਾਂ ਤੋਂ ਬੰਦ ਹੋਣ ਕਾਰਨ ਲੋਕਾਂ ਵਿੱਚ ਭਾਰੀ ਹਾਹਾਕਾਰ ਮੱਚੀ ਹੋਈ ਹੈ ਉਥੇ ਪ੍ਰਸ਼ਾਸ਼ਨ ਦੇ ਕੰਨ ਤੇ ਜੂ ਨਹੀਂ ਸਰਕ ਰਹੀ। ਲੋਕ ਪੀਣ ਵਾਲੇ ਪਾਣੀ ਦੀ ਬੰੂੰਦ—ਬੂੰਦ ਤਰਸ ਰਹੇ ਹਨ। ਵਾਟਰ ਵਰਕਰ ਵਿੱਚ ਲੋਕਾਂ ਵੱਲੋਂ ਰੋਸ ਪ੍ਰਗਟ ਕਰਦਿਆਂ ਨਾਅਰੇਬਾਜੀ ਕਰਨ ਦੇ ਬਾਵਜੂਦ ਵੀ ਵਾਟਰ ਸਪਲਾਈ ਸੀਵਰੇਜ ਬੋਰਡ ਅਧਿਕਾਰੀਆਂ ਨੇ ਪੀਣ ਵਾਲੇ ਪਾਣੀ ਲਈ ਕੋਈ ਹੱਲ ਨਹੀਂ ਕੱਢਿਆ। ਨਗਰ ਸੁਧਾਰ ਸਭਾ ਨੇ ਸ਼ਹਿਰ ਦੀ ਹੰਗਾਮੀ ਮੀਟਿੰਗ ਬੁਲਾਦਿਆਂ ਐਲਾਨ ਕੀਤਾ ਕਿ ਜੇਕਰ 24 ਘੰਟਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਹੱਲ ਨਾ ਕੀਤਾ ਗਿਆ ਤਾਂ ਸ਼ਹਿਰ ਨੂੰ ਬੰਦ ਕਰਕੇ ਰੋਸ ਧਰਨੇ ਦੇਣ ਦਾ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਚੇਅਰਮੈਨ ਸਤਪਾਲ ਸਿੰਘ ਕਟੋਦੀਆਂ, ਭਾਰਤ ਭੂਸ਼ਣ, ਚੰਦਰ ਕੁਮਾਰ ਨੀਟੂ ਨੇ ਕਿਹਾ ਕਿ ਅੱਤ ਦੀ ਗਰਮੀ ਵਿੱਚ ਲੋਕ ਪੀਣ ਵਾਲੇ ਪਾਣੀ ਲਈ ਬੂੰਦ ਬੂੰਦ ਤਰਸ ਰਹੇ ਹਨ ਪਰ ਇੱਥੋ ਦਾ ਪ੍ਰਸ਼ਾਸ਼ਨ ਲੋਕਾਂ ਦੀਆਂ ਮੁਸ਼ਕਿਲਾਂ ਲਈ ਗੰਭੀਰ ਨਜਰ ਨਹੀਂ ਆ ਰਿਹਾ। ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸ਼ਹਿਰ ਦੇ ਲੋਕਾਂ ਦੀ ਮਹਾਂ ਪੰਚਾਇਤ ਬੁਲਾਉਣ ਦਾ ਐਲਾਨ ਕੀਤਾ।
Post a Comment