ਬਰੇਟਾ (ਰੀਤਵਾਲ) ਘੱਗਰ ਦਰਿਆ ਦੇ ਸੰਨ 1962 ‘ਚ ਆਏ ਵੱਡੇ ਹੜ੍ਹਾਂ ਨੇ ਖਾਸਕਰ ਬਰੇਟਾ ਬੁਢਲਾਡਾ ਮਾਨਸਾ ਸਰਦੂਲਗੜ੍ਹ ਇਲਾਕੇ ‘ਚ ਬਹੁਤ ਜਿਆਦਾ ਨੁਕਸਾਨ ਕੀਤਾ ਸੀ । ਇਹ ਘੱਗਰ ਦਰਿਆ ਹਰ ਸਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਲਈ ਤਬਾਹੀ ਲੈ ਕੇ ਆਉਂਦਾ ਹੈ ਕਿਉਂਕਿ ਨਜ਼ਦੀਕੀ ਚਾਂਦਪੁਰਾ ਪਿੰਡ ਜਿਹੜਾ ਹਰਿਆਣਾ ਦੇ ਫਤਿਹਾਬਾਦ ਜ਼ਿਲੇ ‘ਚ ਪੈਂਦਾ ਹੈ ਅਤੇ ਵੱਡੇ ਹੜ੍ਹ ਆਉਣ ਉਪਰੰਤ 1962 ‘ਚ ਇਥੇ ਇਲਾਕੇ ਦੇ ਕਿਸਾਨਾਂ ਵੱਲੋਂ ਬੰਨ੍ਹ ਉਸਾਰ ਦਿੱਤਾ ਗਿਆ, ਜਿਸ ਦੀ ਲੰਬਾਈ ਛੇ ਕਿਲੋਮੀਟਰ ਦੇ ਲਗਭਗ ਹੈ। ਸੰਨ 1966 ‘ਚ ਹਰਿਆਣਾ ਵੱਖ ਹੋਣ ਤੋਂ ਬਾਅਦ ਵੀ ਇਸ ਬੰਨ੍ਹ ਦੇ ਰੱਖ ਰਖਾਵ ਦੀ ਜਿੰਮੇਵਾਰੀ ਪੰਜਾਬ ਨੂੰ ਮਿਲ ਗਈ, ਕਿਉਂਕਿ ਹੁਣ ਇਸ ਦੇ ਟੁੱਟਣ ਕਾਰਨ ਸਭ ਤੋਂ ਵੱਧ ਨੁਕਸਾਨ ਮਾਨਸਾ ਜਿਲ੍ਹੇ ਚ ਹੁੰਦਾ ਹੈ ਅਤੇ ਬਰੇਟਾ ਇਲਾਕੇ ਦੇ ਪਿੰਡ ਕਾਹਨਗੜ੍ਹ , ਕੁਲਰੀਆਂ, ਜੁਗਲਾਣ, ਮੰਡੇਰ, ਖੁਡਾਲ, ਗੋਰਖਨਾਥ, ਭਾਵਾ, ਚੱਕ ਅਲੀਸ਼ੇਰ, ਵੀਰੇਵਾਲਾ ਅਤੇ ਧਰਮਪੁਰਾ ਆਦਿ ਵੱਧ ਮਾਰ ਵਿੱਚ ਆਉਂਦੇ ਹਨ ।


 ਸੰਨ 1988 ਤੇ 1993 ‘ਚ ਆਏ ਵੱਡੇ ਹੜ੍ਹਾਂ ਨੇ ਮਾਨਸਾ ਜਿਲ੍ਹੇ ‘ਚ ਬਹੁਤ ਜਿਆਦਾ ਨੁਕਸਾਨ ਕੀਤਾ ਸੀ। ਘੱਗਰ ਉਪਰ ਦੀ ਭਾਖੜਾ ਮੇਨ ਬ੍ਰਾਂਚ ਲੰਘਦੀ ਹੋਣ ਕਾਰਨ ਇਥੇ ਬਣੀ ਸਾਈਫਨ ਕਰਕੇ ਘੱਗਰ ਦੇ ਪੁਲਾਂ ਦੀ ਗਿਣਤੀ 21 ਹੈ। ਜਦ ਪਿਛੋਂ ਭਾਰੀ ਬਰਸਾਤ ਕਾਰਨ ਘੱਗਰ ਦਰਿਆ ‘ਚ ਪਾਣੀ ਆਉਂਦਾ ਤਾਂ ਵੱਡੀ ਗਿਣਤੀ ਵਿਚ ਦਰੱਖਤ,ਘਾਹ ਫੂਸ ਆ ਕੇ ਇਹਨਾਂ ਪੁਲਾਂ ‘ਚ ਫਸ ਜਾਂਦੇ ਹਨ ਅਤੇ ਜਿਸ ਕਾਰਨ ਪੁਲ ਬੰਦ ਹੋਣ ਕਰਕੇ ਪਾਣੀ ਪਿਛਲੇ ਪਾਸੇ ਵੱਧਣਾ ਸ਼ੁਰੂ ਹੋ ਜਾਂਦਾ ਹੈ,ਜਿਸ ਨਾਲ ਬੰਨ੍ਹ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ। ਇਨ੍ਹਾਂ ਘਾਹ ਫੂਸ ਤੇ ਦਰੱਖਤਾਂ ਨੂੰ ਕੱਢਣ ਲਈ ਕਿਸਾਨ ਆਪ ਇਸ ਖਤਰੇ ਵਾਲੀ ਜਗ੍ਹਾ ਘੱਗਰ ਦੇ ਵਿੱਚ ਰੱਸਿਆਂ ਨਾਲ ਥੱਲੇ ਉੱਤਰਦੇ ਹਨਅਤੇ ਪਿੰਡ ਕੁਲਰੀਆਂ ਦੇ ਸਿਮਰਨਜੀਤ ਸਿੰਘ , ਹਰਬੰਸ ਸਿੰਘ ਅਤੇ ਤਾਰੀ ਕੁਲਰੀਆਂ ਨਾਂ ਦੇ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਹਨ । ਪਿੰਡ ਕੁਲਰੀਆਂ ਦੇ ਕਿਸਾਨ ਆਗੂ ਪੂਰਨ ਸਿੰਘ ਨੇ ਕਿਹਾ ਕਿ ਫਸਲਾਂ ਨੂੰ ਬਚਾਉਣ ਲਈ ਕਿਸਾਨ ਭਰਾ ਆਪਣੀ ਜਿੰਦਗੀ ਦਾਅ ਤੇ ਲਗਾ ਕੇ ਇਹਨਾਂ ਪੁਲਾਂ ਦੀ ਸਫਾਈ ਕਰਦੇ ਹਨ, ਜਿਥੇ ਇਸ ਤਰ੍ਹਾਂ ਕਰਨ ਨਾਲ ਪਾਣੀ ‘ਚ ਰੁੜ੍ਹ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ ,ਉਥੇ ਇਸ ਘਾਹ ਫੂਸ ‘ਚ ਜਹਿਰੀਲੇ ਜਾਨਵਰਾਂ ਦਾ ਡਰ ਵੀ ਹਰ ਵੇਲੇ ਸਤਾਉਂਦਾ ਰਹਿੰਦਾ ਹੈ । ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਸਾਲ ਆਪਣੀ ਜਾਨ ਖਤਰੇ ਵਿੱਚ ਪਾ ਕੇ ਸਫਾਈ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਪ੍ਰਗਟ ਸਿੰਘ ਨੇ ਦੱਸਿਆ ਕਿ ਅਜੇ ਘੱਗਰ ਦੀ ਸਥਿਤੀ ਕੰਟਰੋਲ ਵਿੱਚ ਹੈ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਹਰ ਸਮੇਂ ਹਾਜ਼ਰ ਰਹਿੰਦੇ ਹੋਏ ਨਿਗਰਾਨੀ ਰੱਖ ਰਹੇ ਹਨ।

Post a Comment

Previous Post Next Post